62nd Year of Education & Service
ਪੀ ਏ ਯੂ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਰਾਮਨਗਰ ਛੰਨਾਂ ਵਿਖੇ ਚਲਾਈ ਚੂਹਿਆਂ ਦੀ ਰੋਕਥਾਮ ਸਬੰਧੀ ਮੁਹਿੰਮ
12-12-2024
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਗੋਦ ਲਏ ਪਿੰਡ ਰਾਮਨਗਰ ਛੰਨਾਂ ਵਿਖੇ ਅੱਜ ਮਿਤੀ 11 ਦਸੰਬਰ 2024 ਨੂੰ ਕਣਕ ਦੇ ਖੇਤਾਂ ਵਿੱਚ ਚੂਹਿਆਂ ਦੀ ਰੋਕਥਾਮ ਸਬੰਧੀ ਮੁਹਿੰਮ ਚਲਾਈ ਗਈ। ਮੁਹਿੰਮ ਵਿੱਚ ਪਿੰਡ ਦੇ ਅਗਾਂਹਵਧੂ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਮਸ਼ੀਨੀ, ਰਵਾਇਤੀ, ਕੁਦਰਤੀ ਅਤੇ ਰਸਾਇਣਕ ਤਰੀਕਿਆਂ ਨਾਲ ਚੂਹਿਆਂ ਦੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਜ਼ਿੰਕ ਫਾਸਫਾਈਡ (2%) ਵਾਲਾ ਜ਼ਹਿਰੀਲਾ ਚੋਗਾ ਬਣਾਉਣ ਦੀ ਵਿਧੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਚੂਹੇ ਫ਼ਸਲਾਂ ਦਾ ਭਾਰੀ ਨੁਕਸਾਨ ਕਰਦੇ ਹਨ, ਜਿਸ ਕਰਕੇ ਇਨ੍ਹਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਉਹਨਾਂ ਨੇ ਜ਼ਹਿਰੀਲਾ ਚੋਗਾ ਰੱਖਣ ਦਾ ਸਮਾਂ ਖਾਸ ਤੌਰ ਤੇ ਹੈਪੀ ਸੀਡਰ ਨਾਲ ਬੀਜੇ ਖੇਤਾਂ ਵਿੱਚ ਨਵੰਬਰ-ਦਸੰਬਰ ਦੌਰਾਨ 10-15 ਦਿਨਾਂ ਦੇ ਵਕਫੇ ਤੇ ਦੋ ਵਾਰ ਖੁੱਡਾਂ ਵਿੱਚ ਰੱਖਣ ਨੂੰ ਕਿਹਾ।
ਇਸ ਤੋਂ ਬਾਅਦ ਫਰਵਰੀ-ਮਾਰਚ ਦੌਰਾਨ ਦੁਬਾਰਾ ਚੋਗਾ ਤਿਆਰ ਕਰਕੇ ਚੂਹਿਆਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕਿਸਾਨਾਂ ਨੂੰ ਕਣਕ ਦੀ ਗੁਲਾਬੀ ਸੁੰਡੀ ਦੀ ਸੁਚੱਜੀ ਰੋਕਥਾਮ ਬਾਰੇ ਵੀ ਵਿਚਾਰ ਸਾਂਝੇ ਕੀਤੇ ਅਤੇ ਪਿੰਡ ਦੇ ਕਈ ਕਿਸਾਨਾਂ ਦੇ ਖੇਤਾਂ ਦਾ ਦੌਰਾ ਵੀ ਕੀਤਾ। ਖੇਤਾਂ ਦੇ ਦੌਰੇ ਦੌਰਾਨ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਵਿੱਚ ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ। ਅੰਤ ਵਿੱਚ ਡਾ. ਅਸ਼ੋਕ ਕੁਮਾਰ ਨੇ ਸਾਰੇ ਕਿਸਾਨ ਵੀਰਾਂ ਨੂੰ ਚੂਹਿਆਂ ਦੇ ਖਾਤਮੇ ਲਈ ਪਿੰਡ ਪੱਧਰ ਤੇ ਮੁਹਿੰਮ ਚਲਾ ਕੇ ਇਕੱਠੇ ਤੌਰ ਤੇ ਹੰਬਲਾ ਮਾਰਨ ਦੀ ਅਪੀਲ ਕੀਤੀ।