62nd Year of Education & Service
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਹਿੰਦੀ ਵਿਭਾਗ ਨੇ ਪੀਏਯੂ ਦੇ ਸੰਚਾਰ ਕੇਂਦਰ ਦਾ ਦੌਰਾ ਕੀਤਾ
19-12-2024
ਬੀਤੇ ਦਿਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਹਿੰਦੀ ਵਿਭਾਗ ਦੇ ਸਾਬਕਾ ਮੁਖੀ ਅਤੇ ਸੰਤ ਕਬੀਰ ਚੇਅਰ ਦੇ ਚੇਅਰਪਰਸਨ ਡਾ ਸੇਵਾ ਸਿੰਘ ਨੇ ਪੀਏਯੂ ਦੇ ਸੰਚਾਰ ਕੇਂਦਰ ਦਾ ਦੌਰਾ ਕੀਤਾ। ਇਸ ਦੌਰਾਨ ਡਾ ਸੇਵਾ ਸਿੰਘ ਨੇ ਸੰਚਾਰ ਕੇਂਦਰ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਖੇਤੀ ਸਾਹਿਤ ਦੀ ਪ੍ਰਕਾਸ਼ਨਾ ਵਿਧੀ ਦੀ ਜਾਣਕਾਰੀ ਲਈ। ਡਾ ਸੇਵਾ ਸਿੰਘ ਨੇ ਆਪਣੀ ਵਿਸ਼ੇਸ਼ ਟਿੱਪਣੀ ਵਿੱਚ ਕਿਹਾ ਕਿ ਯੂਨੀਵਰਸਿਟੀ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਅਨਾਜ ਪੱਖੋਂ ਸਵੈ ਨਿਰਭਰ ਬਣਾਉਣ ਵਿੱਚ ਵਡਮੁੱਲਾ ਕਾਰਜ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਿਰਫ ਇੱਕ ਸਿੱਖਿਆ ਸੰਸਥਾਨ ਨਹੀਂ ਬਲਕਿ ਦੇਸ਼ ਦੇ ਲੋਕਾਂ ਦੀ ਭੁੱਖ ਮਿਟਾਉਣ ਵਾਲਾ ਕੇਂਦਰ ਹੈ। ਡਾ ਸੇਵਾ ਸਿੰਘ ਨੇ ਪੀਏਯੂ ਦੀਆਂ ਪਸਾਰ ਗਤੀਵਿਧੀਆਂ ਵਿੱਚ ਪ੍ਰਕਾਸ਼ਨਾਵਾਂ ਦੀ ਭੂਮਿਕਾ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਵੱਖ-ਵੱਖ ਫਸਲਾਂ ਦੀਆਂ ਕਿਸਮਾਂ, ਕਾਸ਼ਤ ਵਿਧੀਆਂ ਅਤੇ ਉਤਪਾਦਨ ਤਕਨੀਕਾਂ ਬਾਰੇ ਬਹੁਤ ਸਾਰੀਆਂ ਕਿਤਾਬਾਂ ਰਸਾਲੇ ਅਤੇ ਹੋਰ ਪ੍ਰਕਾਸ਼ਨਾਵਾਂ ਸਾਹਮਣੇ ਲਿਆਂਦੀਆਂ ਹਨ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਚੰਗੀ ਖੇਤੀ ਰਸਾਲੇ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਪੰਜਾਬੀ ਦਾ ਇੱਕੋ ਇੱਕ ਖੇਤੀ ਪਸਾਰ ਰਸਾਲਾ ਹੈ ਜੋ ਪਿਛਲੇ 60 ਸਾਲਾਂ ਤੋਂ ਵੱਧ ਸਮੇਂ ਤੋਂ ਲਗਾਤਾਰ ਛਪ ਰਿਹਾ ਹੈ। ਡਾ ਸੇਵਾ ਸਿੰਘ ਨੇ ਕਿਹਾ ਕਿ ਹੋਰ ਯੂਨੀਵਰਸਿਟੀਆਂ ਦੇ ਪ੍ਰਕਾਸ਼ਨ ਵਿਭਾਗਾਂ ਨੂੰ ਵੀ ਪੀਏਯੂ ਦੇ ਸੰਚਾਰ ਕੇਂਦਰ ਵਾਂਗ ਚਲਾਏ ਜਾਣ ਦੀ ਲੋੜ ਹੈ।
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ ਤੇਜਿੰਦਰ ਸਿੰਘ ਰਿਆੜ ਨੇ ਡਾ ਸੇਵਾ ਸਿੰਘ ਦਾ ਸਵਾਗਤ ਕਰਦਿਆਂ ਉਹਨਾਂ ਉਨਾਂ ਵੱਲੋਂ ਸਾਹਿਤ ਨੂੰ ਦਿੱਤੀਆਂ ਵਡਮੁੱਲੀਆਂ ਸੇਵਾਵਾਂ ਦਾ ਜ਼ਿਕਰ ਕੀਤਾ ।
ਸੰਪਾਦਕ ਪੰਜਾਬੀ ਡਾ ਜਗਵਿੰਦਰ ਸਿੰਘ ਨੇ ਇਸ ਮੌਕੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ।
ਡਾ ਰਿਆੜ ਅਤੇ ਸੰਚਾਰ ਕੇਂਦਰ ਦੇ ਹੋਰ ਕਰਮਚਾਰੀਆਂ ਨੇ ਇਸ ਮੌਕੇ ਡਾਕਟਰ ਸੇਵਾ ਸਿੰਘ ਨੂੰ ਪ੍ਰਕਾਸ਼ਨਾਵਾਂ ਦਾ ਸੈੱਟ ਯਾਦ ਚਿੰਨ ਵਜੋਂ ਭੇਂਟ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੌਦਾ ਰੋਗ ਵਿਗਿਆਨ ਵਿਭਾਗ ਦੇ ਉੱਘੇ ਮਾਹਿਰ ਡਾ ਅਮਰਜੀਤ ਸਿੰਘ ਅਤੇ ਭੋਜਨ ਪ੍ਰੋਸੈਸਿੰਗ ਮਾਹਰ ਡਾ ਗੁਰਬੀਰ ਕੌਰ ਵੀ ਮੌਜੂਦ ਸਨ।